ਪਟਿਆਲਾ: 15 ਸਤੰਬਰ, 2015
ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹੋਏ ਇਕ ਵਿਸੇyਸ਼ ਸਮਾਗਮ ਵਿਚ ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ (ਰਜਿ.) ਦੇ ਮੈਨੇਜਿੰਗ ਟ੍ਰਸਟੀ ਡਾ. ਐਸ.ਪੀ.ਸਿੰਘ ਓਬਰਾਏ ਨੇ ਕਾਲਜ ਦੇ 38 ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ 3 ਲੱਖ 37 ਹਜ਼ਾਰ 425 ਰੁਪਏ ਦੀ ਰਕਮ ਦੇ ਵਜ਼ੀਫ਼ੇ ਦਿੱਤੇ। ਇਸ ਅਵਸਰ ਤੇ ਸਰਬਤ ਦਾ ਭਲਾ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਟ੍ਰਸਟ ਦੇ ਨਿਰਦੇਸ਼ਕ (ਸਿੱਖਿਆ) ਸ੍ਰੀ ਮਦਨ ਲਾਲ ਹਸੀਜਾ ਨੇ ਮੋਦੀ ਕਾਲਜ ਦੀਆਂ ਸਿੱਖਿਆ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਡਾ. ਐਸ.ਪੀ. ਸਿੰਘ ਓਬਰਾਏ ਨੇ ਆਪਣੇ ਜੀਵਨ ਦਾ ਇਹ ਮਿਸ਼ਨ ਬਣਾਇਆ ਹੋਇਆ ਹੈ ਕਿ ਕੋਈ ਵੀ ਹੋਣਹਾਰ ਵਿਦਿਆਰਥੀ ਆਰਥਿਕ ਤੰਗੀ ਕਰਕੇ ਪੜ੍ਹਾਈ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਪਿਛਲੇ ਸਾਲ ਕਾਲਜ ਦੇ 62 ਵਿਦਿਆਰਥੀਆਂ ਨੂੰ ਵਜ਼ੀਫ਼ੇ ਪ੍ਰਦਾਨ ਕੀਤੇ ਸਨ। ਇਸ ਸੈਸ਼ਨ ਤੋਂ ਟ੍ਰਸਟ ਵੱਲੋਂ ਇਹ ਸ਼ਰਤ ਲਾਈ ਗਈ ਹੈ ਕਿ ਅਗਲੇ ਵਰ੍ਹੇ ਵਜ਼ੀਫ਼ਾ ਪ੍ਰਾਪਤ ਕਰਨ ਲਈ ਪਿਛਲੀ ਜਮਾਤ ਚੋਂ 80 ਪ੍ਰਤੀਸ਼ਤ ਨੰਬਰ ਲਏ ਹੋਣ। ਸ੍ਰੀ ਹਸੀਜਾ ਨੇ ਆਪਣੇ ਭਾਸ਼ਣ ਵਿਚ ਇਹ ਵੀ ਕਿਹਾ ਕਿ ਸਮਾਜ ਵਿਚੋਂ ਗ਼ਰੀਬੀ, ਅੰਧ ਵਿਸ਼ਵਾਸ ਤੇ ਨਸ਼ਿਆਂ ਵਰਗੀਆਂ ਲਾਹਨਤਾਂ ਨੁੰ ਚੰਗੀ ਸਿੱਖਿਆ ਦੇ ਪਸਾਰ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਸਿੱਖਿਆ ਰਾਹੀਂ ਹੀ ਲੜਕੀਆਂ ਨੂੰ ਸਵੈ-ਨਿਰਭਰ ਤੇ ਸਵੈ-ਵਿਸ਼ਵਾਸੀ ਬਣਾਇਆ ਜਾ ਸਕਦਾ ਹੈ। ਇਸੇ ਮਕਸਦ ਨੂੰ ਮੁੱਖ ਰੱਖ ਕੇ ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਦਾ ਹੈ। ਉਨ੍ਹਾਂ ਨੇ ਇਸ ਟ੍ਰਸਟ ਵੱਲੋਂ ਸਮਾਜ ਦੇ ਹੋਰ ਖੇਤਰਾਂ ਵਿਚ ਪਾਏ ਯੋਗਦਾਨ ਦੀ ਵੀ ਚਰਚਾ ਕੀਤੀ। ਇਸ ਮੌਕੇ ਟ੍ਰਸਟ ਵੱਲੋਂ ਕਾਲਜ ਦੇ ਸੈਮੀਨਾਰ ਹਾਲ ਵਿਚ ਏਅਰ-ਕੰਡੀਸ਼ਨਰ ਲਗਵਾਉਣ ਦਾ ਐਲਾਨ ਵੀ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ, ਡਾ. ਐਸ.ਪੀ.ਸਿੰਘ ਓਬਰਾਏ ਅਤੇ ਦੂਜੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਬਤ ਦਾ ਭਲਾ ਟ੍ਰਸਟ ਦੇ ਯੋਗਦਾਨ ਨਾਲ ਅਨੇਕਾਂ ਅਜਿਹੇ ਵਿਅਿਦਾਰਥੀ ਪੜ੍ਹਾਈ ਮੁਕੰਮਲ ਕਰ ਰਹੇ ਹਨ ਜੋ ਆਰਥਕ ਪੱਖੋਂ ਬਹੁਤ ਕਮਜ਼ੋਰ ਹਨ। ਟ੍ਰਸਟ ਦੀ ਸਹਾਇਤਾ ਤੋਂ ਬਿਨਾਂ ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਸੀ ਮਿਲਣਾ। ਇਸ ਟ੍ਰਸਟ ਵੱਲੋਂ ਸਿੱਖਿਆ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਵੀ ਲੋੜਵੰਦਾਂ, ਵਿਸ਼ੇਸ਼ ਕਰਕੇ ਵਿਧਵਾਵਾਂ ਅਤੇ ਬਜ਼ੁਰਗਾਂ, ਦੀ ਮਦਦ ਕੀਤੀ ਜਾ ਰਹੀ ਹੈ। ਕਾਲਜ ਪ੍ਰਿੰਸੀਪਲ ਨੇ ਸਰਬਤ ਦਾ ਭਲਾ ਟ੍ਰਸਟ ਦੀ ਇਸ ਬੇਮਿਸਾਲ ਦੇਣ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜੋਕੇ ਪਦਾਰਥਵਾਦੀ ਅਤੇ ਸਵਾਰਥੀ ਯੁੱਗ ਵਿਚ ਆਪਣੀ ਕਮਾਈ ਵਿਚੋਂ ਲੋਕ-ਭਲਾਈ ਦੇ ਕਾਰਜਾਂ ਲਈ ਏਡੀ ਵੱਡੀ ਰਕਮ ਖਰਚ ਕਰਨਾ ਸੱਚਮੁਚ ਮਹਾਨ ਕਾਰਜ ਹੈ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।
ਇਸ ਮੌਕੇ ਸਰਬਤ ਦਾ ਭਲਾ ਟਰਸਟ ਵੱਲੋਂ ਕਾਲਜ ਦੇ ਵਿਦਿਆਰਥੀ ਇਸ਼ਨੂਰ ਘੁੰਮਣ, ਦੀਪ ਪ੍ਰੀਆ ਅਤੇ ਮਿਸ ਗਰਿਮਾ ਨੂੰ “ਉਚੇਰੀ ਸਿੱਖਿਆ ਸਾਹਮਣੇ ਚੁਣੋਤੀਆਂ“ ਵਿਸ਼ੇ ਤੇ ਪੇਪਰ ਪ੍ਰਸਤੁਤ ਕਰਨ ਲਈ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰੋਫੈਸਰ ਬਲਵੀਰ ਸਿੰਘ ਨੇ ਸਮਾਰੋਹ ਦਾ ਆਗਾਜ਼ ਕਰਦਿਆਂ ਦੇਸ਼ ਵਿਚ ਉਚੇਰੀ ਸਿੱਖਿਆ ਦੇ ਉਦੇਸ਼, ਇਸ ਦੇ ਇਤਿਹਾਸਕ ਵਿਕਾਸ ਅਤੇ ਅਜੋਕੇ ਸਮੇਂ ਵਿਚ ਉਚੇਰੀ ਸਿੱਖਿਆ ਦੇ ਸੰਕਟਾਂ ਵੱਲ ਹਾਜ਼ਰੀਨ ਦਾ ਧਿਆਨ ਦਵਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਿੰਗੀ ਹੋ ਰਹੀ ਉਚੇਰੀ ਸਿੱਖਿਆ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ ਅਤੇ ਸਰਕਾਰਾਂ ਸਿੱਖਿਆ ਦੇ ਖੇਤਰ ਤੋਂ ਆਪਣੇ ਹੱਥ ਖਿੱਚ ਰਹੀਆਂ ਹਨ। ਅਜਿਹੀ ਨਾਜ਼ੁਕ ਸਥਿਤੀ ਵਿਚ ਗ਼ਰੀਬ, ਪਰ ਹੋਣਹਾਰ ਵਿਦਿਆਰਥੀਆਂ ਦੀ ਬਾਂਹ ਫੜ੍ਹਨ ਲਈ “ਸਰਬਤ ਦਾ ਭਲਾ“ ਟ੍ਰਸਟ ਵਰਗੀ ਸਮਾਜ ਸੇਵੀ ਸੰਸਥਾ ਅੱਗੇ ਆ ਕੇ ਬਹੁਤ ਹੀ ਉਸਾਰੂ ਯੋਗਦਾਨ ਪਾ ਰਹੀ ਹੈ।
ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਡਾ. ਜਬਰਜੰਗ ਸਿੰਘ ਦੀ ਅਗਵਾਈ ਵਿਚ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਪ੍ਰਸਤੁਤ ਕੀਤਾ ਗਿਆ। ਕਾਲਜ ਪ੍ਰਬੰਧਕਾਂ ਵੱਲੋਂ ਸਰਬਤ ਦਾ ਭਲਾ ਟ੍ਰਸਟ ਦੇ ਅਹੁਦੇਦਾਰਾਂ ਨੂੰ ਯਾਦ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਰੋਹ ਵਿਚ ਸਰਬਤ ਦਾ ਭਲਾ ਟ੍ਰਸਟ ਦੇ ਸਕੱਤਰ ਸ੍ਰੀ ਗਗਨਦੀਪ ਸਿੰਘ ਅਹੂਜਾ, ਮੀਤ ਪ੍ਰਧਾਨ ਡਾ. ਗੁਰਪ੍ਰਤਾਪ ਸਿੰਘ, ਸ੍ਰੀ ਪ੍ਰਭਲੀਨ ਸਿੰਘ ਅਤੇ ਟ੍ਰਸਟ ਦੇ ਮੀਡੀਆ ਸੈਂਟਰ ਇੰਚਾਰਜ ਸ੍ਰੀ ਹਰਵਿੰਦਰ ਸਿੰਘ ਕੁੱਕੂ ਉਚੇਚੇ ਤੌਰ ਤੇ ਹਾਜ਼ਰ ਹੋਏ। ਇਸ ਅਵਸਰ ਤੇ ਕਾਲਜ ਦੇ ਪ੍ਰੋ. ਮਿਸਿਜ਼ ਪੂਨਮ ਮਲਹੋਤਰਾ, ਡਾ. ਹਰਚਰਨ ਸਿੰਘ, ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਪ੍ਰੋ. ਹਰਮੋਹਨ ਸ਼ਰਮਾ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਹਰਮਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੰਚ ਸੰਚਾਲਨ ਦਾ ਕਾਰਜ ਪ੍ਰੋ. ਬਲਵੀਰ ਸਿੰਘ ਨੇ ਬਾਖੂਬੀ ਨਿਭਾਇਆ ਅਤੇ ਧੰਨਵਾਦ ਦੇ ਸ਼ਬਦ ਡਾ. ਵਿਨੇ ਕੁਮਾਰ ਜੈਨ ਨੇ ਕਹੇ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ